ਚੰਡੀਗੜ੍ਹ
31 ਮਈ 2017
ਦਿਵਯਾ ਆਜ਼ਾਦ
ਬੁਧਵਾਰ ਨੂੰ ਪੰਜਾਬ ਸਾਹਿਤ ਅਕਾਦਮੀ (ਸਰਪ੍ਰਸਤ ਅਦਾਰਾ: ਪੰਜਾਬ ਕਲਾ ਪ੍ਰੀਸ਼ਦ) ਵੱਲੋਂ ਹਰ ਮਹੀਨੇ ਦੇ ਆਖਰੀ ਦਿਨ ਹੋਣ ਵਾਲੇ ਮਾਸਿਕ ਸਾਹਿਤਕ ਪ੍ਰੋਗਰਾਮ “ਬੰਦਨਵਾਰ” ਪੰਜਾਬੀ ਦੇ ਨਾਮਵਰ ਗੀਤਕਾਰਾਂ ‘ਤੇ ਅਧਾਰਿਤ ਰਿਹਾ। ਇਸ ਪ੍ਰੋਗਰਾਮ ਦੀ ਕਲਾਮਈ ਸ਼ਾਮ ਦਾ ਆਯੋਜਨ ਪੰਜਾਬ ਕਲਾ ਭਵਨ, ਸੈਕਟਰ 16 ਬੀ, ਚੰਡੀਗੜ੍ਹ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਉੱਘੇ ਲੇਖਕ ਸ਼੍ਰੀ ਗੁਲਜ਼ਾਰ ਸਿੰਘ ਸੰਧੂ, ਚੇਅਰਮੈਨ, ਚੰਡੀਗੜ੍ਹ ਸਾਹਿਤ ਅਕਾਦਮੀ ਦੁਆਰਾ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਮਿਸ ਸਤਿੰਦਰ ਸੱਤੀ ਦੁਆਰਾ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਇੰ ਸੁਰਿੰਦਰ ਸਿੰਘ ਵਿਰਦੀ, ਵਾਇਸ ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ ਸ਼ਾਮਲ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਗੁਲਜ਼ਾਰ ਸਿੰਘ ਸੰਧੂ, ਨਵਜੋਤਪਾਲ ਸਿੰਘ ਰੰਧਾਵਾ, ਸਤਿੰਦਰ ਸੱਤੀ ਅਤੇ ਡਾ. ਸਰਬਜੀਤ ਕੌਰ ਸੋਹਲ ਦੁਆਰਾ ਸ਼ਮ੍ਹਾਂ-ਰੌਸ਼ਨ ਕਰ ਕੇ ਕੀਤੀ ਗਈ। ਇਸ ਸਮਾਗਮ ਵਿਚ ਪੰਜਾਬ ਦੇ ਨਾਮਵਰ ਗੀਤਕਾਰਾਂ ਸ਼ਮਸ਼ੇਰ ਸਿੰਘ ਸੰਧੂ, ਧਰਮ ਕੰਮੇਆਣਾ, ਪ੍ਰੀਤ ਮਹਿੰਦਰ ਤਿਵਾੜੀ, ਵਿਜੇ ਧੰਮੀ, ਗੁਰਚੇਤ ਫੱਤੇਵਾਲੀਆ, ਬਲਜਿੰਦਰ ਸੰਗੀਲਾ, ਕਰਮਜੀਤ ਪੁਰੀ, ਨਿੰਮਾ ਲੋਹਾਰਕਾ, ਮਨਪ੍ਰੀਤ ਟਿਵਾਣਾ, ਪਾਲੀ ਗਿੱਦੜਬਾਹਾ ਅਤੇ ਸੰਧੇ ਸੁਖਬੀਰ ਹੋਏ। ਡਾ. ਸਰਬਜੀਤ ਕੌਰ ਸੋਹਲ ਨੇ ਪੰਜਾਬ ਸਾਹਿਤ ਅਕਾਦਮੀ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਸਭ ਨੂੰ ਜੀ ਆਇਆਂ ਨੂੰ ਕਿਹਾ। ਇਸ ਉਪਰੰਤ ਗੀਤਕਾਰਾਂ ਦੀ ਜਾਣ-ਪਛਾਣ ਪਾਵਰ-ਪੁਆਂਇੰਟ ਪ੍ਰੈਜ਼ੇਟੇਸ਼ਨ ਦੁਆਰਾ ਕੀਤੀ ਗਈ।
ਪ੍ਰਸਿੱਧ ਗੀਤਕਾਰ ਅਤੇ ਪੇਸ਼ਕਾਰ ਸ਼ਮਸ਼ੇਰ ਸੰਧੂ ਨੇ ‘ਮਾਂ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ’ ਗੀਤਾਂ ਰਾਹੀਂ ਪੰਜਾਬੀਅਤ ਦੇ ਕਈ ਰੰਗ ਪੇਸ਼ ਕੀਤੇ। ਧਰਮ ਕੰਮੇਆਣਾ ਨੇ ‘ਮਿੱਟੀ ਦਾ ਮੋਰ’ ਗੀਤ ਪੇਸ਼ ਕਰਕੇ ਸਾਹਿਤਕ ਗੀਤਕਾਰੀ ਦਾ ਨਮੂਨਾ ਪੇਸ਼ ਕੀਤਾ। ਪ੍ਰੀਤ ਮਹਿੰਦਰ ਤਿਵਾੜੀ ਨੇ ‘ਫੁੱਲਾਂ ਦੀਏ ਕੱਚੀਏ ਵਪਾਰਨੇ ਕੰਡਿਆਂ ਦੇ ਭਾਅ ਸਾਨੂੰ ਤੋਲਨਾਂ’ ਗੀਤਾਂ ਰਾਹੀਂ ਪੰਜਾਬ ਦੇ ਪੁਰਾਤਨ ਵਿਰਸੇ ਦੀ ਝਲਕ ਪੇਸ਼ ਕੀਤੀ। ਵਿਜੇ ਧੰਮੀ ਨੇ ‘ਮਾਂ ਬੋਲੀ ਪੰਜਾਬੀ’ ‘ਆ ਸੋਹਣਿਆਂ ਵੇ ਜੱਗ ਜਿਊਦਿਆਂ ਦੇ ਮੇਲੇ’ ਗੀਤ ਪੇਸ਼ ਕਰਕੇ ਸਾਹਿਤਕ ਮਾਹੌਲ ਸਿਰਜਿਆ। ਮਨਪ੍ਰੀਤ ਟਿਵਾਣਾ ਨੇ ‘ਜਿਨ੍ਹਾਂ ਰਾਹਵਾਂ ਚੋਂ’ ਅਤੇ ‘ਤੂੰ ਫੁਲਕਾਰੀ ਕੱਢਦੀ’ ਗੀਤ ਪੇਸ਼ ਕਰਕੇ ਸਾਹਿਤਕ ਅਤੇ ਸਭਿਆਚਾਰਕ ਗੀਤਕਾਰੀ ਦਾ ਨਮੂਨਾ ਪੇਸ਼ ਕੀਤਾ। ਇਸ ਤੋਂ ਇਲਾਵਾ ਗੀਤਕਾਰ ਗੁਰਚੇਤ ਫੱਤੇਵਾਲੀਆ, ਬਲਜਿੰਦਰ ਸੰਗੀਲਾ, ਕਰਮਜੀਤ ਪੁਰੀ, ਨਿੰਮਾ ਲੋਹਾਰਕਾ, ਪਾਲੀ ਗਿੱਦੜਬਾਹਾ ਅਤੇ ਸੰਧੇ ਸੁਖਬੀਰ ਨੇ ਰਚਨਾਵਾਂ ਪੇਸ਼ ਕਰਕੇ ਦਰਸ਼ਕਾ ਤੋਂ ਭਰਪੂਰ ਵਾਹ-ਵਾਹ ਖੋਟੀ।
ਇਸ ਮੌਕੇ ਸ. ਗੁਰਬਖਸ਼ ਸਿੰਘ ਸੈਣੀ ਦੀ ਪੁਸਤਕ ‘ਸੰਤ ਸੈਨਾਪਤੀ ਸ਼ੇਰਨੀ ਮਾਈ ਭਾਗੋ’ ਵੀ ਰਿਲੀਜ਼ ਕੀਤੀ ਗਈ। ਸਮਾਗਮ ਦੇ ਅਖੀਰ ਵਿਚ ਸ਼੍ਰੀ ਗੁਲਜ਼ਾਰ ਸਿੰਘ ਸੰਧੂ ਅਤੇ ਮਿਸ ਸਤਿੰਦਰ ਸੱਤੀ ਜੀ ਨੇ ਸਮਾਗਮ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬ ਸਾਹਿਤ ਅਕਾਦਮੀ ਦੇ ਸਕੱਤਰ ਡਾ. ਸਤੀਸ਼ ਕੁਮਾਰ ਵਰਮਾ ਵੱਲੋਂ ਪਹੁੰਚੇ ਵਿਦਵਾਨਾਂ, ਸਰੋਤਿਆਂ ਅਤੇ ਗੀਤਕਾਰਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਗੀਤਕਾਰ ਮਨਪ੍ਰੀਤ ਟਿਵਾਣਾ ਦੁਆਰਾ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ਼੍ਰੀ.ਰਾਮ ਅਰਸ਼, ਐੱਸ.ਡੀ. ਸ਼ਰਮਾ, ਸ੍ਰੀ ਐੱਮ.ਐੱਲ. ਢੰਡ, ਸ੍ਰੀਮਤੀ ਕਸ਼ਮੀਰ ਕੌਰ ਸੰਧੂ, ਸ੍ਰੀ ਜਸਬੀਰ ਸਿੰਘ, ਜੋਗਿੰਦਰ ਸਿੰਘ, ਜੀ.ਐੱਸ. ਬੋਪਾਰਾਏ, ਸ੍ਰੀ ਸਵਰਨ ਸਿੰਘ, ਦੀਪਕ ਚਨਾਰਥਲ ਅਤੇ ਦਰਸ਼ਨ ਦਰਵੇਸ਼ ਆਦਿ ਸ਼ਾਮਲ ਹੋਏ।

LEAVE A REPLY