ਗ਼ੈਰ–ਕਾਨੂੰਨੀ ਮਾਈਨਿੰਗ ਦਾ ਧੰਦਾ ਕਰਨ ਵਾਲੇ ਬਰਿੰਦਰ ਢਿਲੋਂ ਤੇ ਕੈਪਟਨ ਸੰਦੀਪ ਸੰਧੂ ਨੂੰ ਤੁਰੰਤ ਅਹੁਦਿਆਂ ਤੋਂ ਲਾਂਭੇ ਕਰੇ ਕਾਂਗਰਸ: ਰਾਜਿੰਦਰ ਸਿੰਘ ਬਡਹੇੜੀ

0
1077

ਚੰਡੀਗੜ੍ਹ

25 ਜੁਲਾਈ 2021

ਦਿਵਿਆ ਆਜ਼ਾਦ

ਪੰਜਾਬ ਦੇ ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿਲੋਂ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਕੁਮਾਰ ਸੰਧੂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਸ. ਬਡਹੇੜੀ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਨਵ–ਨਿਯੁਕਤ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਨੂੰ ਆਪਣੇ ਇਨ੍ਹਾਂ ਦੋਵੇਂ ਆਗੂਆਂ ਨੂੰ ਤੁਰੰਤ ਬਾਹਰ ਦਾ ਰਸਤਾ ਵਿਖਾ ਦੇਣਾ ਚਾਹੀਦਾ ਹੈ।

ਸ. ਬਡਹੇੜੀ ਨੇ ਦੋਸ਼ ਲਾਇਆ ਕਿ ਇਹ ਦੋਵੇਂ ਕਾਂਗਰਸੀ ਆਗੂ ਕਥਿਤ ਤੌਰ ’ਤੇ ਰੇਤ ਮਾਫ਼ੀਆ ਨਾਲ ਮਿਲ ਕੇ ਮੋਹਾਲੀ ਜ਼ਿਲ੍ਹੇ ਦੇ ਲਾਲੜੂ ਤੋਂ ਲੈ ਕੇ ਰੋਪੜ, ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ, ਗੁਰਦਾਸਪੁਰ ਤੇ ਪਠਾਨਕੋਟ ਤੱਕ ਗ਼ੈਰ–ਕਾਨੂੰਨੀ ਮਾਈਨਿੰਗ ਕਰ ਰਹੇ ਹਨ। ਇਸੇ ਲਈ ਇਨ੍ਹਾਂ ਜ਼ਿਲ੍ਹਿਆਂ ਦੀ ਜਨਤਾ ਇਨ੍ਹਾਂ ਤੋਂ ਡਾਢੀ ਨਾਰਾਜ਼ ਹੈ। ਉਨ੍ਹਾਂ ਕਿਹਾ ਕਿ ਦਰਅਸਲ, ਪੰਜਾਬ ਦੀ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਲੰਮੀ ਸਰਹੱਦ ਦੇ ਨਾਲ ਲੱਗਦਿਆਂ ਇਲਾਕਿਆਂ ’ਚ ਬਰਿੰਦਰ ਢਿਲੋਂ ਤੇ ਸੰਦੀਪ ਸੰਧੂ ਦਾ ਮਾਈਨਿੰਗ ਦਾ ਨਾਜਾਇਜ਼ ਕਾਰੋਬਾਰ ਲਗਾਤਾਰ ਚੱਲ ਰਿਹਾ ਹੈ ਤੇ ਉਹ ਵੱਡੇ ਪੱਧਰ ’ਤੇ ਆਮ ਲੋਕਾਂ ਦੀ ਲੁੱਟ–ਖਸੁੱਟ ਕਰ ਰਹੇ ਹਨ।

ਸ. ਬਡਹੇੜੀ ਨੇ ਅੱਗੇ ਕਿਹਾ ਕਿ ਇਹ ਦੋਵੇਂ ਆਗੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਓਟ ਲੈ ਕੇ ਹੁਣ ਤੱਕ ਬਚਦੇ ਰਹੇ ਹਨ ਤੇ ਹੁਣ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਨੇੜਤਾ ਵਧਾਉਣ ਦੀਆਂ ਕੋਸ਼ਿਸ਼ਾਂ ’ਚ ਹਨ। ਅਜਿਹਾ ਉਹ ਇਸ ਲਈ ਕਰ ਰਹੇ ਹਨ ਕਿ ਉਨ੍ਹਾਂ ਦਾ ਗ਼ੈਰ–ਕਾਨੂੰਨੀ ਮਾਈਨਿੰਗ ਦਾ ਧੰਦਾ ਬੇਰੋਕ ਜਾਰੀ ਰਹਿ ਸਕੇ।

ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਾਂਗਰਸ ਹਾਈ–ਕਮਾਂਡ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਨੂੰ ਢਿਲੋਂ ਤੇ ਸੰਧੂ ਦੋਵਾਂ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਅਹੁਦਿਆਂ ਤੋਂ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ, ਤਾਂ ਜੋ ਆਮ ਜਨਤਾ ਬੇਲੋੜੀ ਲੁੱਟ ਤੋਂ ਬਚ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਕਾਂਗਰਸ ਹਾਈ–ਕਮਾਂਡ ਨੂੰ ਇਹ ਕਦਮ ਜ਼ਰੂਰ ਹੀ ਛੇਤੀ ਤੋਂ ਛੇਤੀ ਚੁੱਕਣਾ ਚਾਹੀਦਾ ਹੈ।

LEAVE A REPLY