ਬਰਗਾੜੀ (ਫਰੀਦਕੋਟ)

13 ਅਪ੍ਰੈਲ 2021

ਦਿਵਿਆ ਆਜ਼ਾਦ

ਰਾਜ ਭਾਗ ‘ਚ ਵਾਪਸੀ ਲਈ ਉਸੱਲ ਵੱਟੇ ਲਈ ਰਹੇ ਨਵਜੋਤ ਸਿੱਧੂ ਨੇ ਫੇਰ ਕੈਪਟਨ ਸਰਕਾਰ ਨੂੰ ਸਿਆਸੀ ਚੋਭਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਪਹਿਲਾ ਹੱਲਾ ਉਨ੍ਹਾਂ ਬਰਗਾੜੀ ਜਾਕੇ ਬੋਲਿਆ ਅਤੇ ਆਪਣੀ ਸਰਕਾਰ ਦੀ ਦੁਖਦੀ ਰਗ ਤੇ ਹੱਥ ਧਰਿਆ ਹੈ। ਉਨ੍ਹਾਂ ਇਹ ਮੰਗ ਉਠਾਈ ਕਿ ਹਰਪ੍ਰੀਤ ਸਿੱਧੂ ਵਾਲੀ ਡਰੱਗਜ਼ ਰਿਪੋਰਟ ਅਤੇ ਬੇਅਦਬੀ ਕਾਂਡ ‘ਚ ਕੁੰਵਰ ਵਿਜੈ ਦੀ ਰਿਪੋਰਟ ਨੂੰ ਨਸ਼ਰ ਕੀਤਾ ਜਾਵੇ ।

ਵਿਸਾਖੀ ਮੌਖੇ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੱਥਾ ਟੇਕਣ ਪਹੁੰਚੇ। ਸਿੱਧੂ ਨੇ ਕਿਹਾ ਕਿ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਨਤਕ ਕੀਤੀ ਸੀ, ਉਸੇ ਤਰ੍ਹਾਂ ਹਰਪ੍ਰੀਤ ਸਿੱਧੂ ਵਾਲੀ ਡਰੱਗਜ਼ ਰਿਪੋਰਟ ਅਤੇ ਬੇਅਦਬੀ ਕਾਂਡ ‘ਚ ਕੁੰਵਰ ਵਿਜੈ ਦੀ ਰਿਪੋਰਟ ਨੂੰ ਵੀ ਜਨਤਕ ਕੀਤਾ ਜਾਵੇ।

ਆਪਣੀ ਹੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਸਿੱਧੂ ਨੇ ਕਿਹਾ ਕਿ ਕਾਨੂੰਨ ਤੱਥਾਂ ਦੇ ਆਧਾਰ ’ਤੇ ਫ਼ੈਸਲਾ ਕਰਦਾ ਹੈ ਪਰ ਅੱਜ ਸਾਰਾ ਪੰਜਾਬ ਡੰਕੇ ਦੀ ਚੋਟ ’ਤੇ ਇਹ ਪੁੱਛ ਰਿਹਾ ਹੈ ਕਿ ਤੱਥ ਪੇਸ਼ ਕਰਨ ਵਾਲੇ ਵਕੀਲ ਕਮਜ਼ੋਰ ਕਿਉਂ ਹੋਏ, ਵੱਡੇ ਵਕੀਲ ਖੜ੍ਹੇ ਕਿਉਂ ਨਹੀਂ ਕੀਤੇ ਗਏ, ਅਣਗਹਿਲੀ ਕਿਉਂ ਹੋਈ।

ਇਸ ਦੌਰਾਨ ਸਿੱਧੂ ਨੇ ਕਿਹਾ ਕਿ “ਇਹ ਉਹ ਅਸਥਾਨ ਹੈ ਜਿੱਥੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਸੀ। ਉਹਨਾਂ ਆਖ਼ਿਆ ਕਿ ਜਿਹੜਾ ਗੁਰੂ ਦਾ ਨਾ ਹੋਇਆ, ਉਹ ਪੰਜਾਬ ਦਾ ਕੀ ਹੋਵੇਗਾ। ਇਹ ਕਹਿੰਦੇ ਹੋਏ ਕਿ ‘ਸ਼ਤਰੰਜ ਦੀ ਇਕ ਬਿਸਾਤ ਵਿਛੀ ਹੈ’ ਅਤੇ ਜਿਹੜੇ ਹੁਕਮ ਦੇਣ ਵਾਲੇ ‘ਰਾਜਾ ਤੇ ਵਜ਼ੀਰ’ ਸਨ, ਉਨ੍ਹਾਂ ਦੀ ਕਿਲਾਬੰਦੀ ਕਰਕੇ ਉਨ੍ਹਾਂ ਨੂੰ ਮਹਿਫ਼ੂਜ਼ ਰੱਖ਼ਿਆ ਗਿਆ ਹੈ ਜਦਕਿ ਪਿਆਦਿਆਂ ’ਤੇ ਵਾਰ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ।

ਗੁਰਦੁਆਰਾ ਸਾਹਿਬ ਦੇ ਬਾਹਰ ਸੰਗਤਾਂ ਨਾਲ ਖੜ੍ਹ ਕੇ ਸਿੱਧੂ ਨੇ ਵੀਡੀੳ ਬਣਾਈ, ਤੇ ਜੋ ਉਹ ‘ਚ ਕਿਹਾ, ਉਸ ਤੋਂ ਸਪਸ਼ਟ ਹੈ ਕਿ ਉਹ ਆਪਣੀ ਹੀ ਪਾਰਟੀ ਦੀ ਸਰਕਾਰ ਨਾਲ ਟਕਰਾਅ ਦੀ ਰੌਂਅ ਵਿੱਚ ਹਨ।

LEAVE A REPLY