
ਗੁਲਾਬ ਹੋਣ ਜਿਵੇਂ
ਦੂਰ,ਦੁਮੇਲ ਤੀਕ
ਖਿੜੇ ਹੋਏ

ਕਾਲੇ,ਪੀਲੇ
ਤੇ ਸੁਰਖ, ਗੁਲਾਬੀ….
ਹੁਣੇ,ਹੁਣੇ
ਬੀਵੀ ਨੇ ਸਿਲਵਾਇਆ ਹੈ
ਬਾਟਿਕ ਪ੍ਰਿੰਟ ਵਾਲਾ
ਨਵਾਂ,ਨਵਾਂ ਸੂਟ….
ਘਰ ਨੂੰ ਸਿਆਣੀ
ਬੁਟੀਕ ‘ਚੋਂ ਲੈ ਆਈ ਹੈ
ਬਚੇ ਕੱਪੜੇ ਦਾ
ਛੋਟਾ ਜਿਹਾ ਟੁਕੜਾ ….
ਮਸ਼ੀਨ ਡਾਹ ਬੈਠਦੀ
ਸਿਉਂਦੀ ,ਪਰੋਂਦੀ
ਗੰਢਦੀ , ਤਰੁਪਦੀ
ਚਾਕ,ਬਟਨ ਲਾਉਂਦੀ
ਤਣੀਆਂ,ਫੁੱਮਣ ਸਜਾਉਂਦੀ
ਬਣਾ ਲੈਂਦੀ ਹੈ
ਜਿਵੇਂ ਗੁੱਡੀ ਦੀ
ਨਿੱਕੀ ਜਿਹੀ ਫਰਾਕ….
ਭਾਫੀ ਪ੍ਰੈੱਸ ਚਲਾਉਂਦੀ
ਕਮਰ ਦੇ ਦਪੋਟੇ
ਥਾਂ ਸਿਰ ਬਿਠਾਉਂਦੀ
ਤੀਰੇ ਤੋਂ ਫੜਦੀ
ਉੱਪਰ,ਹੇਠਾਂ
ਸੱਜੇ,ਖੱਬੇ
ਫਰਾਕ ਨੂੰ ਨਿਹਾਰਦੀ…
ਚਿਤਵਦੀ ਹੋਏਗੀ
ਸ਼ੁਰੂ ਬਚਪਨ ਤੋਂ
ਸੱਠਵਿਆਂ ਤੀਕ ਦੀ
ਬੁੱਢ ਵਰੇਸ
ਤੇ ਖੱਟੀ,ਮਿਠੀ
ਜੀਵਨ ਯਾਤਰਾ
ਤੇ ਵੀਚਾਰਦੀ ਹੋਏਗੀ
ਪੋਤਰੀ ਦੀ ਆਮਦ …
ਮਨ ਹੀ ਮਨ
ਸੋਚਦੀ ਹੋਏਗੀ
ਕਿ ਜਦੋਂ ਕਦੀ
ਨਿਕੜੀ ਅਲੀਨਾ
ਪਾਏਗੀ ਫਰਾਕ
ਛੋਟੀ ਜਿਹੀ ਹਿੱਕੜੀ ‘ਚ
ਮਹਿਫੂਜ ਰਹੇਗੀ
ਵੱਡ,ਵਡੇਰੀ
ਦਾਦੀ ਦੀ ਯਾਦ …
—–ਹਰਦੇਵ ਚੌਹਾਨ, ਮੋਹਾਲੀ
hardev.chauhan@yahoo.co.in
(Disclaimer-Content is Subject to Copyright)
