ਕਾਲੋ ਦਾ ਬੂੜਾ ਸਬ ਨੂੰ ਬੜਾ ਚੰਗਾ ਲਗਦਾ,
ਸਾਰਾ ਮੁਹੱਲਾ ਸੀ ਪਿਆਰ ਉਸ ਨੂੰ ਕਰਦਾ।
ਆਉਂਦੇ ਜਾਂਦੇ ਉਤੇ ਨਜ਼ਰ ਉਹ ਸੀ ਰੱਖਦਾ,
ਸ਼ਾਂਤ ਰਵੇ ਸਦਾ, ਕਿਸੇ ਉਤੇ ਨਾਂ ਸੀ ਭਖਦਾ।
ਦਿਨ ਚੜਦੀਆਂ ਘਰਦੇ ਉਸਨੂੰ ਵੇਹੜੇ ਵਿਚ ਲੈ ਆਂਦੇ,
ਮੰਝੇ ਉਤੇ ਦਰੀ ਵਿਛਾ ਕੇ ਉਸਨੂੰ ਠਾਠ ਨਾਲ ਬਿਠਾ ਜਾਂਦੇ।
ਬੱਚਿਆਂ ਦੇ ਸ਼ੋਰ ਦਾ ਨਾਂ ਪਵੇ ਉਸ ਤੇ ਅਸਰ,
ਸਭ ਕੁਝ ਦੇਖ ਕੇ ਵੀ ਚੁਪ ਰਹਿੰਦਾ ਮਗਰ।
ਚੋਥੇ ਘਰ ਦੇ ਵੇਹੜੇ ਵਿਚ ਮੁੰਡੇ ਨੂੰ ਮਤਰੇਈ ਮਾਂ ਕੁੱਟਦੀ,
ਥੱਲੇ ਲੰਬੇ ਪਾ ਕੇ ਜੁਤੀ ਨਾਲ ਕੁਟੇ ਤੇ ਝਾਟਾ ਸੀ ਪੁੱਟਦੀ।
ਛੋਟੇ ਜਏ ਮੁੰਡੇ ਦੇ ਗੱਲਾਂ ਤੇ ਦਿਸਣ ਅਥਰੂ ਪਏ ਵਗਦੇ,
ਮਦਦ ਦੀ ਆਸ ਲੈਕੇ ਕਾਲੋ ਦੇ ਬੂੜੇ ਵੱਲ ਸੀ ਤਕਦੇ।
ਉਲੂ ਵਾਂਗ ਸੀ ਝਾਕਦਾ ਕੁਝ ਕਰ ਨਹੀਂ ਸੀ ਪਾਂਦਾ,
ਮੁਠੀਆਂ ਸੀ ਵੱਟਦਾ ਪਾਵੇਂ ਦੰਦ ਪਿਆ ਕਟਕਟਾਂਦਾ।
ਅੱਖਾਂ ਉਸ ਦੀਆਂ ਭਰ ਆਈਆਂ ਰੱਬ ਨੂੰ ਸੀ ਪਿਆ ਆਖਦਾ,
ਉਹ ਲੱਤਾਂ ਬਿਨਾਂ, ਗੂੰਗਾ ਤੇ ਬਹਿਰਾ ਜਿੰਦਾ ਹੀ ਮੁਰਦਾ ਜਾਪਦਾ।
ਦੁਨੀਆਂ ਵਿਚ ਲੱਖਾਂ ਪਏ ਕਾਲੋ ਦੇ ਬੂੜੇ ਵਾਂਗ ਰੁਲਦੇ,
ਉਨਾਂ ਕੋਲੋਂ ਪੁਛੋ ਜਿਨਾਂ ਦੇ ਸਪਨੇ ਖਾਕ ਵਿਚ ਰੁਲਦੇ।
-ਬ੍ਰਿਜ ਕਿਸ਼ੋਰ ਭਾਟੀਆ, ਚੰਡੀਗੜ੍ਹ