ਚੰਡੀਗੜ੍ਹ
1 ਮਾਰਚ 2017
ਦਿਵਿਆ ਆਜ਼ਾਦ
ਪੰਜਾਬ ਸਾਹਿਤ ਅਕਾਦਮੀ ਵੱਲੋਂ ਹਰ ਮਹੀਨੇ ਦੇ ਆਖ਼ਰੀ ਦਿਨ ਹੋਣ ਵਾਲੇ ਮਾਸਿਕ ਸਾਹਿਤਕ ਪ੍ਰੋਗਰਾਮ ਬੰਦਨਵਾਰ ਤਹਿਤ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਬਹੁ ਭਾਸ਼ੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ, ਸੁਰਿੰਦਰ ਸਿੰਘ ਵਿਰਦੀ, ਸ਼ਾਇਰ ਸਿਰੀ ਰਾਮ ਅਰਸ਼, ਪ੍ਰਸਿੱਧ ਨਾਟਕ ਡਾ. ਆਤਮਜੀਤ, ਡਾ. ਜਸਪਾਲ ਕਾਂਗ, ਪ੍ਰੋਫੈਸਰ, ਗੁਰੂ ਨਾਨਕ ਸਿੱਖ ਸਟੱਡੀਜ਼, ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ, ਹਿੰਦੀ ਸ਼ਾਇਰ ਮਾਧਵ ਕੌਸ਼ਕ ਆਦਿ ਦੁਆਰਾ ਕੀਤੀ ਗਈ | ਅਕਾਦਮੀ ਦੇ ਸਕੱਤਰ ਡਾ. ਸਤੀਸ਼ ਕੁਮਾਰ ਵਰਮਾ ਨੇ ਕਵੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਜੰਮੂ ਤੋਂ ਆਏ ਡੋਗਰੀ ਭਾਸ਼ਾ ਦੇ ਸ਼ਾਇਰ ਅੰਤਰ ਨੀਰਵ ਨੂੰ ਸੱਦਾ ਦਿੱਤਾ, ਜਿਨ੍ਹਾਂ ਆਪਣੀ ਭਾਸ਼ਾ ਰਾਹੀਂ ਖੂਬ ਰੰਗ ਬੰਨ੍ਹਿਆਂ | ਮੁੰਬਈ ਤੋਂ ਪੁੱਜੀ ਸ਼ਾਇਰਾ ਅਮਨਦੀਪ ਦਾ ਨਾਰੀ ਅਹਿਸਾਸ ਸੀ:-
ਮੈਂ ਕੁੜੀ ਹਾਂ
ਮੈਨੂੰ ਚਿੜੀ ਨਾ ਕਹਿਣਾ
ਮੈਂ ਕਿਸੇ ਹੋਰ ਦੇ ਖੇਤ ਵਿਚ ਡਿੱਗੇ
ਦਾਣਿਆਂ ਦੀ ਮੁਹਤਾਜ ਨਹੀਂ ਹਾਂ
ਬਰਨਾਲੇ ਤੋਂ ਆਏ ਪੰਜਾਬੀ ਸ਼ਾਇਰ ਤਰਸੇਮ ਨੇ ਕਿਰਤ ਦੇ ਰਸ ਨਾਲ ਭਿੱਜੀਆਂ ਨਜ਼ਮਾਂ ਪੇਸ਼ ਕੀਤੀਆਂ | ਹਿੰਦੀ ਕਵੀ ਫੂਲ ਚੰਦ ਮਾਨਵ ਡੂੰਘੇ ਅਹਿਸਾਸਾਂ ਦੀਆਂ ਭਿੱਜੀਆਂ ਸਤਰਾਂ ਨਾਲ ਹਾਜ਼ਰੀ ਲਗਵਾਈ | ਵਿਸ਼ੇਸ਼ ਤੌਰ ਤੇ ਪੁਜੇ ਨੇਪਾਲੀ ਸ਼ਾਇਰ ਉਦੈ ਠਾਕੁਰ ਨੇ ਵਿਲੱਖਣ ਰੰਗ ਦੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ | ਡੋਗਰੀ ਜਗਦੀਪ ਦੂਬੇ ਨੇ ਵਿਲੱਖਣ ਕਾਵਿ ਰੰਗਾਂ ਰਾਹੀਂ ਸ਼ਰਸ਼ਾਰ ਕੀਤਾ | ਸਰਬਜੀਤ ਕੌਰ ਸੋਹਲ ਨੇ ਭਾਵ ਭਿੰਨੀ ਕਵਿਤਾ ਪੇਸ਼ ਕੀਤੀ |
ਇਸ ਮੌਕੇ ਪੰਜਾਬੀ ਸ਼ਾਇਰ ਅਤੇ ਅਨੁਵਾਦਕ ਤਰਸੇਮ ਦੀ ਪੰਜਾਬੀ ਕਹਾਣੀਆਂ ਤੋਂ ਹਿੰਦੀ ਵਿਚ ਅਨੁਵਾਦ ਕੀਤੀ ਪੁਸਤਕ ਪੰਜਾਬੀ ਕੀ ਪ੍ਰਤੀਨਿਧ ਕਹਾਨੀਆਂ ਰਿਲੀਜ਼ ਕੀਤੀ ਗਈ| ਸਸਮਾਗਮ ਦੇ ਅੰਤ ਵਿਚ ਡਾ. ਆਤਮਜੀਤ, ਡਾ. ਜਸਪਾਲ ਕਾਂਗ ਜੀ ਨੇ ਸਮਾਗਮ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ| ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਵੱਲੋਂ ਪਹੁੱਚੇ ਸ਼ਾਇਰਾਂ ਵਿਦਵਾਨਾਂ, ਸਰੋਤਿਆਂ ਦਾ ਧੰਨਵਾਦ ਕੀਤਾ | ਇਸ ਪ੍ਰੋਗਰਮਾ ਵਿੱਚ ਸ਼ਾਮਿਲ ਹੋਏ ਕਵੀ, ਪਰਮਜੀਤ ਪਰਮ, ਤਾਰਨ ਗੁਜਰਾਲ, ਕਸ਼ਮੀਰ ਕੌਰ, ਅਨਿਲ ਠਾਕੁਰ, ਜੋਧ ਸਿੰਘ, ਆਦਿ ਸ਼ਾਮਲ ਹੋਏ|